ਅੰਤਰਰਾਸ਼ਟਰੀ ਖਬਰਾਂ

 • ਓਂਟਾਰੀਓ ਸੂਬਾਈ ਚੋਣਾਂ ‘’ਚ ਲਿਬਰਲਾਂ ਨੇ ਫੇਰਿਆ ਹੂੰਝਾ, ਪੰਜ ਪੰਜਾਬੀ ਜੇਤੂ

  ਟੋਰਾਂਟੋ :- ਕੈਨੇਡਾ ਦੇ ਆਬਾਦੀ ਪੱਖੋਂ ਸਭ ਤੋਂ ਵੱਡੇ ਅਤੇ ਪੰਜਾਬੀਆਂ ਦੇ ਚਹੇਤੇ ਪ੍ਰਾਂਤ ਉਂਟਾਰੀਓ ਵਿਚ ਵਿਧਾਨ ਸਭਾ ਦੀ ਹੋਈ ਮੱਧਕਾਲੀ ਚੋਣ ਵਿਚ ਲਿਬਰਲ ਪਾਰਟੀ ਦੀ ਲਗਾਤਾਰ ਚੌਥੀ ਵਾਰ ਜਿੱਤ ਹੋਈ ਹੈ | 107 ਵਿਚੋਂ ਲਿਬਰਲ ਪਾਰਟੀ ਨੂੰ 58 ਸੀਟਾਂ 'ਤੇ ਸਫਲਤਾ ਮਿਲੀ ਹੈ ਅਤੇ ਮੁੱਖ ਮੰਤਰੀ ਕੈਥਲਿਨ ਵਿੱਨ ਵੱਲੋਂ ਬਹੁ-ਸੰਮਤੀ ਸਰਕਾਰ ਦਾ ਗਠਨ ਕੀਤਾ ਜਾਵੇਗਾ | ਲਿਬਰਲ ਪਾਰਟੀ ਦਾ 2003 ਤੋਂ ਉਂਟਾਰੀਓ ਵਿਚ ਰਾਜ ਹੈ | ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 27 ਅਤੇ ਨਿਊ ਡੈਮੋਕਰੇਟਿਕ ਪਾਰਟੀ ਦੀ 22 ਸੀਟਾਂ 'ਤੇ ਜਿੱਤ ਹੋਈ ਹੈ | ਲਿਬਰਲ ਪਾਰਟੀ ਤੋਂ ਹਰਿੰਦਰਜੀਤ ਸਿੰਘ ਤੱਖਰ, ਅੰਮਿ੍ਤ ਮਾਂਗਟ ਅਤੇ ਵਿੱਕ ਢਿੱਲੋਂ ਨੇ ਲਗਾਤਾਰ ਚੌਥੀ ਵਾਰ ਮਿਸੀਸਾਗਾ ਅਤੇ ਬਰੈਂਪਟਨ ਤੋਂ ਆਪਣੀਆਂ ਸੀਟਾਂ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਹਰਿੰਦਰ ਮੱਲ੍ਹੀ (ਲਿਬਰਲ ਪਾਰਟੀ) ਨੇ ਪੰਜਾਬੀਆਂ ਦੇ ਗੜ੍ਹ ਬਰੈਂਪਟਨ-ਸਪਰਿੰਗਡੇਲ ਹਲਕੇ ਦੀ ਸੀਟ ਜਿੱਤੀ ਹੈ ਅਤੇ ਆਪਣੇ ਨਿਕਟ ਵਿਰੋਧੀ ਗੁਰਪ੍ਰੀਤ ਸਿੰਘ ਢਿੱਲੋਂ (ਨਿਊ ਡੈਮੋਕਰੇਟਿਕ ਪਾਰਟੀ) ਨੂੰ 3000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ | ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਇਕ ਹੋਰ ਹਲਕੇ ਬਰੈਮਲੀ-ਗੋਰ-ਮਾਲਟਨ ਤੋਂ ਨਿਊ ਡੈਮੋਕਰੇਟਿਕ ਪਾਰਟੀ ਦੇ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਦੇ ਡਾ: ਕੁਲਦੀਪ ਕੁਲਾਰ ਨੂੰ ਲਗਭਗ 4700 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਅਤੇ ਦੂਸਰੀ ਵਾਰ ਇਹ ਸੀਟ ਜਿੱਤ ਲਈ | ਪਾਕਿਸਤਾਨੀ ਮੂਲ ਦੇ ਸ਼ਫੀਕ ਕਾਦਰੀ ਅਤੇ ਯਾਸਰ ਨਕਵੀ (ਦੋਵੇਂ ਲਿਬਰਲ ਪਾਰਟੀ ਦੇ ਉਮੀਦਵਾਰ) ਨੇ ਟੋਰਾਂਟੋ (ਈਟੋਬੀਕੋ-ਉੱਤਰੀ) ਅਤੇ ਓਟਾਵਾ ਸੈਂਟਰ ਤੋਂ ਜਿੱਤ ਹਾਸਲ ਕੀਤੀ ਹੈ | ਭਾਰਤੀ ਮੂਲ ਦੀ ਦੀਪਕਾ ਦਮਰੀਲਾ (ਮਿਸੀਸਾਗਾ-ਪੂਰਬੀ ਕੁਕਸਵਿਲ) ਅਤੇ ਇੰਦਰਾ ਨਾਇਡੂ (ਹਾਲਟਨ ਖੇਤਰ) ਤੋਂ ਲਿਬਰਲ ਪਾਰਟੀ ਲਈ ਜਿੱਤ ਪ੍ਰਾਪਤ ਕੀਤੀ ਹੈ |


 • ਫੁੱਟਬਾਲ ਸੰਸਾਰ ਕੱਪ ‘ਤੇ ਕਰੋੜਾਂ ਰੁਪਏ ਦਾ ਸੱਟਾ ਲੱਗਾ

  ਨਵੀਂ ਦਿੱਲੀ :- ਬ੍ਰਾਜੀਲ ਵਿੱਚ ਕੱਲ੍ਹ ਰਾਤ ਤੋਂ ਸ਼ੁਰੂ ਹੋਏ ਫੁੱਟਬਾਲ ਸੰਸਾਰ ਕੱਪ ਮੁਕਾਬਲੇ ‘ਤੇ ਦਿੱਲੀ ਦੇ ਸੱਟੇਬਾਜ਼ਾਂ ਦੀਆਂ ਵੀ ਨਜ਼ਰਾਂ ਹਨ। ਪਹਿਲੇ ਮੈਚ ਤੋਂ ਲੈ ਕੇ ਫਾਈਨਲ ਮੁਕਾਬਲੇ ਤੱਕ ਲਈ ਰੇਟ ਤੈਅ ਕਰ ਲਏ ਗਏ ਹਨ। ਸੰਸਾਰ ਦੇ 32 ਦੇਸ਼ਾਂ ਦੀਆਂ ਟੀਮਾਂ ਦਰਮਿਆਨ ਹੋ ਰਹੇ ਇਸ ਮੁਕਾਬਲੇ ਵਿੱਚ ਸਟੋਰੀਆਂ ਦੀ ਪਹਿਲੀ ਪਸੰਦ ਪੰਜ ਵਾਰ ਦੀ ਚੈਂਪੀਅਨ ਬ੍ਰਾਜੀਲ ਟੀਮ ਹੈ। ਉਸ ਦਾ ਰੇਟ ਤਿੰਨ ਰੁਪਏ 10 ਪੈਸੇ ਰੱਖਿਆ ਗਿਆ ਹੈ।
  ਦੂਜੇ ਨੰਬਰ ‘ਤੇ ਤਿੰਨ ਵਾਰ ਜਿੱਤ ਚੁੱਕੀ ਅਰਜਨਟੀਨਾ ਦੀ ਟੀਮ ਹੈ। ਸਟੋਰੀਆਂ ਨੇ ਹੁਣੇ ਤੋਂ ਆਖਰੀ ਅੱਠ ਟੀਮਾਂ ਵੀ ਲਗਭਗ ਤੈਅ ਕਰ ਦਿੱਤੀਆਂ ਹਨ। ਉਸੇ ਹਿਸਾਬ ਉਨ੍ਹਾਂ ਦੇ ਰੇਟ ਰੱਖ ਦਿੱਤੇ ਗਏ ਹਨ।
  ਓਧਰ ਦਿੱਲੀ ਪੁਲਸ ਨੇ ਕ੍ਰਿਕਟ ਦੀ ਤਰਜ ‘ਤੇ ਫੁੱਟਬਾਲ ਦਾ ਸੱਟਾ ਲਗਾਉਣ ਵਾਲਿਆਂ ਨੂੰ ਫੜਨ ਦੀ ਤਿਆਰੀ ਕਰ ਲਈ ਹੈ। ਦਿੱਲੀ ਦੇ ਸੱਟੇਬਾਜ਼ਾਂ ਨਾਲ ਜੁੜੀਆਂ ਇੰਟਰਨੈਸ਼ਨਲ ਨੈਟਵਰਕ ਦੀਆਂ ਟੀਮਾਂ ਵੀ ਬ੍ਰਾਜੀਲ ਪਹੁੰਚ ਗਈਆਂ ਹਨ। ਉਥੋਂ ਦਿੱਲੀ ਦੇ ਸੱਟੇ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਸੱਟੇਬਾਜ਼ਾਂ ਨੇ ਬ੍ਰਾਜੀਲ ‘ਤੇ ਵੱਡਾ ਦਾਅ ਖੇਡਿਆ ਹੈ। ਉਸ ਨੂੰ ਨੰਬਰ ਵਨ ਦਾ ਕਿਤਾਬੀ ਦਾਅਵੇਦਾਰ ਐਲਾਨ ਕੀਤਾ ਹੈ। ਉਸ ਦਾ ਰੇਟ ਤਿੰਨ ਰੁਪਏ 10 ਪੈਸੇ ਯਾਨੀ ਸਭ ਤੋਂ ਘੱਟ ਰੱਖਿਆ ਗਿਆ ਹੈ। ਸੱਟਾ ਬਾਜ਼ਾਰ ਦਾ ਨਿਯਮ ਹੈ ਕਿ ਜਿਸ ਟੀਮ ਦੇ ਰੇਟ ਘੱਟ ਹੁੰਦੇ ਹਨ, ਉਸ ਦੇ ਜਿੱਤਣ ਦੀ ਆਸ ਸਭ ਤੋਂ ਵੱਧ ਹੁੰਦੀ ਹੈ। ਬ੍ਰਾਜੀਲ ਦਾ ਪੰਜ ਵਾਰ ਦਾ ਰਿਕਾਰਡ, ਫਾਰਮ ਵਿੱਚ ਚਲ ਰਹੇ ਉਸ ਦੇ ਖਿਡਾਰੀ ਅਤੇ ਘਰੇਲੂ ਦਰਸ਼ਕਾਂ ਦਾ ਲਾਭ ਟੀਮ ਨੂੰ ਮਿਲ ਸਕਦਾ ਹੈ।
  ਦੂਜੇ ਨੰਬਰ ‘ਤੇ 4.50 ਰੁਪਏ ਦੇ ਨਾਲ ਅਰਜਟੀਨਾ ਟੀਮ ਹੈ। ਤੀਜੇ ਸਥਾਨ ‘ਤੇ 6.50 ਦੇ ਨਾਲ ਸਪੇਨ, ਤਿੰਨ ਵਾਰ ਖਿਤਾਬ ਜਿੱਤ ਚੁੱਕੀ ਜਰਮਨੀ ਟੀਮ ਨੂੰ ਪਹਿਲੇ ਚਾਰ ਵਿੱਚ ਰੱਖਦੇ ਹੋਏ ਉਸ ਦਾ ਰੇਟ 7.00 ਰੁਪਏ ਤੈਅ ਕੀਤਾ ਗਿਆ ਹੈ। ਕੇਵਲ ਪਹਿਲੇ ਚਾਰ ਨਹੀਂ, ਆਖਰੀ ਅੱਠ ਵੀ ਤੈਅ ਕਰ ਲਏ ਗਏ ਹਨ। ਇਸ ਵਿੱਚ ਬੈਲਜੀਅਮ ‘ਤੇ 23 ਰੁਪਏ, ਫਰਾਂਸ ‘ਤੇ 25 ਰੁਪਏ, ਚਾਰ ਵਾਰ ਜਿੱਤੀ ਇਟਲੀ ‘ਤੇ 27 ਰੁਪਏ, ਇੰਗਲੈਂਡ ‘ਤੇ 28 ਰੁਪਏ ਅਤੇ ਪੁਰਤਗਾਲ ਟੀਮ ਦਾ ਰੇਟ 28 ਰੁਪਏ ਰੱਖਿਆ ਗਿਆ ਹੈ। ਸੱਟੇਬਾਜ਼ ਟੀਮਾਂ ਦੇ ਪ੍ਰ੍ਰਦਰਸ਼ਨ ਦੇ ਹਿਸਾਬ ਨਾਲ ਰੇਟ ਘੱਟ ਤੇ ਜ਼ਿਆਦਾ ਕਰਦੇ ਰਹਿਣਗੇ। ਕੁਝ ਸੱਟੇਬਾਜ਼ਾਂ ਨੇ ਸਟਾਰ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਵੀ ਸੱਟਾ ਲਾਉਣ ਦੀ ਤਿਆਰੀ ਰੱਖੀ ਹੈ।


 • ਮੈਲਬੋਰਨ ਬਣਿਆ ਦੁਨੀਆਂ ਦਾ ਤੀਜਾ ਵਧੀਆ ਵੱਸਣਯੋਗ ਸ਼ਹਿਰ

  ਮੈਲਬੋਰਨ :- ਲੰਡਨ ਤੋਂ ਛਪਦੇ 'ਮੋਨੋਕਲ' ਮੈਗਜ਼ੀਨ ਨੇ ਆਸਟ੍ਰੇਲੀਆ ਦੇ ਮੈਲਬੋਰਨ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵਧੀਆ ਰਹਿਣ ਵਾਲਾ ਸ਼ਹਿਰ ਐਲਾਨਿਆ ਹੈ। ਮੈਲਬੋਰਨ ਨੂੰ ਇਹ ਦਰਜਾ ਸ਼ਹਿਰ ਵਿਚ ਘੱਟ ਰਹੀ ਅਪਰਾਧ ਦਰ ਅਤੇ ਸੁਧਰ ਰਹੇ ਜਨਤਕ ਆਵਾਜਾਈ ਪ੍ਰਣਾਲੀ ਕਰਕੇ ਪ੍ਰਾਪਤ ਹੋਇਆ ਹੈ। ਮੈਗਜ਼ੀਨ ਅਨੁਸਾਰ ਮੈਲਬੋਰਨ ਕ੍ਰਿਕਟ ਅਤੇ ਕੌਫੀ ਹੀ ਲਈ ਨਹੀਂ ਸਗੋਂ ਹੋਰ ਵਿਸ਼ੇਸ਼ਤਾਵਾਂ ਕਰਕੇ ਵੀ ਜਾਣਿਆ ਜਾਂਦਾ ਹੈ।
  ਸਭ ਤੋਂ ਵਧੀਆ ਜੀਵਨ ਸ਼ੈਲੀ ਦੇ ਆਧਾਰ ਤੇ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਨੂੰ ਦੁਨੀਆ ਦਾ ਪਹਿਲਾ ਨਿਵਾਸਯੋਗ ਸ਼ਹਿਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ, ਜਦਕਿ ਟੋਕੀਓ ਨੂੰ ਵਧੀਆ ਖਾਣਾ, ਕਲਾ ਤੇ ਖਰੀਦਦਾਰੀ ਦੇ ਆਧਾਰ ਤੇ ਦੂਜਾ ਸਥਾਨ ਮਿਲਿਆ ਹੈ। ਕੋਪਨਹੇਗਨ ਸ਼ਹਿਰ ਨੇ ਇਹ ਖਿਤਾਬ ਪਿਛਲੇ ਸਾਲ ਵੀ ਬਰਕਰਾਰ ਰੱਖਿਆ ਸੀ ਜਦਕਿ ਟੋਕੀਓ 2013 ਵਿਚ ਚੌਥੇ ਸਥਾਨ 'ਤੇ ਸੀ।
  ਇਸ ਸੂਚੀ ਵਿਚ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਨੂੰ 11 ਵਾਂ ਤੇ ਬ੍ਰਿਸਬੇਨ ਨੂੰ 25ਵਾਂ ਸਥਾਨ ਪ੍ਰਾਪਤ ਹੋਇਆ ਹੈ। ਮੈਗਜ਼ੀਨ ਦੁਆਰਾ ਪਿਛਲੇ ਸਾਲ ਕਰਵਾਏ ਸਰਵੇਖਣ ਦੌਰਾਨ ਸਿਡਨੀ 9ਵੇਂ ਸਥਾਨ 'ਤੇ ਸੀ ਪਰ ਢਿੱਲੀ ਆਵਾਜਾਈ ਪ੍ਰਣਾਲੀ ਦਾ ਸ਼ਿਕਾਰ ਹੋਣ ਕਰਕੇ ਇਸ ਚਾਲੂ ਸਾਲ ਵਿੱਚ 11 ਦਰਜੇ 'ਤੇ ਆ ਖਿਸਕਿਆ। ਮੈਗਜ਼ੀਨ ਅਨੁਸਾਰ ਮਸ਼ਹੂਰ ਸ਼ਹਿਰ ਲੰਡਨ ਤੇ ਨਿਊਯਾਰਕ ਕੋਈ ਵੀ ਦਰਜਾ ਪ੍ਰਾਪਤ ਨਹੀਂ ਕਰ ਸਕੇ ।


 • ਵੈਨਕੂਵਰ ਦੇ ਮੇਅਰਾਂ ਵੱਲੋਂ ਨਵੀਂ ਯੋਜਨਾ ਤਿਆਰ

  ਵੈਨਕੂਵਰ :- ਵੈਨਕੂਵਰ ਮੈਟਰੋ ਦੇ ਮੇਅਰਾਂ ਵੱਲੋਂ ਕੀਤੀ ਗਈ ਮੀਟਿੰਗ ਵਿਚ ਖੇਤਰ ਵਿੱਚ ਆਵਾਜਾਈ ਦੇ ਪਸਾਰ ਲਈ 30 ਸਾਲਾ ਯੋਜਨਾ ਖਾਕੇ ‘ਤੇ ਵਿਚਾਰ ਕਰਕੇ ਉਸ ‘ਤੇ ਸਹਿਮਤੀ ਪ੍ਰਗਟਾਈ ਗਈ।
  ਇਸ ਯੋਜਨਾ ਵਿੱਚ ਭੀੜ ਵਾਲੀਆਂ ਸੜਕਾਂ ਦੇ ਬਦਲਵੇਂ ਪ੍ਰਬੰਧ, ਫ਼ਰੇਜ਼ਰ ਦਰਿਆ ਉਤੇ ਪੁਟੋਲੋ ਪੁਲ ਦੇ ਕੋਲ ਟੌਲ ਵਾਲੇ 4 ਮਾਰਗੀ ਨਵੇਂ ਪੁਲ ਦੀ ਉਸਾਰੀ, ਸਰੀ ਤੋਂ ਲੈਂਗਲੀ ਤੱਕ ਸਕਾਈ ਟਰੇਨ ਲਾਈਨ ਦਾ ਵਾਧਾ, ਮਿਲੇਨੀਅਮਨ ਲਾਈਨ ਦਾ ਵਿਸਥਾਰ ਤੇ 11 ਹੋਰ ਰੇਲ ਸੇਵਾਵਾਂ ਦੇ ਵਿਸਥਾਰ ਸਮੇਤ ਟਰਾਂਸਲਿੰਕ ਬੱਸ ਸੇਵਾ ਨੂੰ ਡਿਊਢਾ ਕਰਨਾ ਸ਼ਾਮਲ ਹੈ। ਇਸ ਯੋਜਨਾ ਉਤੇ ਸਾਢੇ ਸੱਤ ਅਰਬ ਡਾਲਰ ਦੇ ਖਰਚੇ ਦਾ ਅਨੁਮਾਨ ਲਾਇਆ ਗਿਆ ਹੈ।
  ਮੇਅਰਾਂ ਵੱਲੋਂ ਇੰਨੇ ਵੱਡੇ ਖਰਚੇ ਬਾਰੇ ਦਲੀਲ ਦਿੱਤੀ ਗਈ ਹੈ ਕਿ ਸਾਲਾਨਾ ਮਿਲਣ ਵਾਲੇ 25 ਕਰੋੜ ਦੇ ਕਾਰਬਨ ਟੈਕਸ ਨੂੰ ਇਸ ‘ਤੇ ਖਰਚਿਆ ਜਾ ਸਕਦਾ ਹੈ ਤੇ ਹੋਰ ਟੈਕਸਾਂ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਖੇਤਰ ਦੇ 21 ਮੇਅਰਾਂ ਵਿਚੋਂ 20 ਨੇ ਜਿੱਥੇ ਯੋਜਨਾ ਉਤੇ ਸਹਿਮਤੀ ਪ੍ਰਗਟਾਈ ਹੈ. ਉਥੇ ਟਰਾਂਸਪੋਰਟ ਮੰਤਰੀ ਟੌਡ ਸਟੋਨ ਦਾ ਕਹਿਣਾ ਹੈ ਕਿ ਮੇਅਰਾਂ ਵਲੋਂ ਪੇਸ਼ ਯੋਜਨਾ ‘ਚ ਕਾਰਬਨ ਟੈਕਸ ਨੂੰ ਪਾਸੇ ਰੱਖ ਕੇ ਯੋਜਨਾ ਦੇ ਖਰਚੇ ਦੇ ਪ੍ਰਬੰਧਾਂ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਕਾਰਬਨ ਟੈਕਸ ਤਾਂ ਪਹਿਲਾਂ ਹੀ ਸਰਕਾਰੀ ਆਮਦਨ ਤੇ ਖਰਚਿਆਂ ਵਿੱਚ ਸ਼ਾਮਲ ਹੈ ਤੇ ਇਸ ਨੂੰ ਪ੍ਰਸਤਾਵ ਅਨੁਸਾਰ ਪਾਸੇ ਕਰ ਲੈਣਾ ਐਨਾ ਸੌਖਾ ਨਹੀਂ ਜਿੰਨਾ ਸਮਝਿਆ ਗਿਆ ਹੈ। ਉਂਜ ਮੰਤਰੀ ਨੇ ਮੇਅਰਾਂ ਵੱਲੋਂ ਪੇਸ਼ ਪ੍ਰਸਤਾਵ ਨੂੰ ਚੰਗਾ ਕਹਿੰਦੇ ਹੋਏ, ਇਸ ਨੂੰ ਸਮੇਂ ਦੀ ਲੋੜ ਵੀ ਕਿਹਾ।


 • ਪ੍ਰਧਾਨ ਮੰਤਰੀ ਵੱਲੋਂ ਜੰਗੀ ਬੇੜਾ ਵਿਕਰਮਾਦਿਤਿਆ ਦੇਸ਼ ਨੂੰ ਸਮਰਪਿਤਭਾਰਤ ਕਿਸੇ ਅੱਗੇ ਨਹੀਂ ਝੁਕੇਗਾ : ਮੋਦੀ

  ਪਣਜੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਰਬ ਸਾਗਰ ਵਿਚ ਗੋਆ ਤੱਟ 'ਤੇ ਭਾਰਤੀ ਜਲ ਸੈਨਾ ਦੇ ਸਭ ਤੋਂ ਵੱਡੇ ਜੰਗੀ ਬੇੜੇ ਆਈ. ਐਨ. ਐਸ. ਵਿਕਰਮਾਦਿਤਿਆ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਇਸ ਜੰਗੀ ਬੇੜੇ ਵਿਚ 'ਸੀ ਕਿੰਗ' ਹੈਲੀਕਾਪਟਰ ਰਾਹੀਂ ਪੁੱਜੇ ਪ੍ਰਧਾਨ ਮੰਤਰੀ ਨੂੰ ਜਲ ਸੈਨਾ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ। ਜਲ ਸੈਨਾ ਦੇ ਮੁਖੀ ਅਡਮਿਰਲ ਆਰ. ਕੇ. ਧਵਨ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਜੰਗੀ ਬੇੜੇ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਮਿੱਗ-29 ਕੇ. ਲੜਾਕੂ ਜਹਾਜ਼ ਵਿਚ ਵੀ ਬੈਠੇ ਅਤੇ ਗੋਅ ਤੱਟ 'ਤੇ ਤੈਰ ਰਹੇ ਇਸ ਜੰਗੀ ਬੇੜੇ ਦਾ ਅਨੁਭਵ ਲਿਆ। ਲਗਭਗ 44,500 ਟਨ ਭਾਰੇ ਇਸ ਜੰਗੀ ਬੇੜੇ 'ਤੇ ਪ੍ਰਧਾਨ ਮੰਤਰੀ ਕੁਝ ਘੰਟੇ ਰਹੇ ਅਤੇ ਜਹਾਜ਼ਾਂ ਦਾ ਸ਼ਕਤੀ ਪ੍ਰਦਰਸ਼ਨ ਨੇੜਿਓਂ ਵੇਖਿਆ। ਇਸ ਮੌਕੇ ਜਲ ਸੈਨਾ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, 'ਨਾ ਅਸੀਂ ਅੱਖ ਵਿਖਾਵਾਂਗੇ ਅਤੇ ਨਾ ਹੀ ਝੁਕਾਵਾਂਗੇ। ਅਸੀਂ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਾਂਗੇ।' ਇਸ ਮੌਕੇ ਭਾਰਤੀ ਜਲ ਸੈਨਾ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਹੁਣ ਭਾਰਤ ਨੂੰ ਅੱਖ ਨਹੀਂ ਵਿਖਾ ਸਕੇਗਾ। ਉਨ੍ਹਾਂ ਕਿਹਾ ਕਿ 'ਇਕ ਰੈਂਕ ਇਕ ਪੈਨਸ਼ਨ' ਯੋਜਨਾ ਨੂੰ ਲਾਗੂ ਕਰਨ ਲਈ ਸਰਕਾਰ ਵਚਨਬੱਧ ਹੈ ਤੇ ਇਸ ਨੂੰ ਲਾਗੂ ਕੀਤਾ ਜਾਵੇਗਾ। ਜਲ ਸੈਨਾ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਪੱਧਰ ਦੀ ਜੰਗੀ ਯਾਦਗਾਰ ਬਣਾਈ ਜਾਵੇਗੀ। ਗੋਆ ਤੱਟ ਦੇ ਕਰੀਬ 'ਸਮੁੰਦਰ ਵਿਚ ਇਕ ਦਿਨ' ਨਾਂਅ ਵਾਲੇ ਜਲ ਸੈਨਾ ਵੱਲੋਂ ਕਰਵਾਏ ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਸੈਨਾ ਦੇ ਅਤਿ-ਆਧੁਨਿਕ ਲੜਾਕੂ ਜਹਾਜ਼ ਮਿੱਗ-29 ਕੇ, ਲੰਬੀ ਦੂਰੀ ਦੇ ਸਮੁੰਦਰੀ ਟੋਹੀ ਜਹਾਜ਼ ਪੀ.-8 ਆਈ, ਸੀ ਹੈਰੀਯਰ, ਪਣਡੁੱਬੀਆਂ ਦੇ ਖਿਲਾਫ ਯੁੱਧ ਦੌਰਾਨ ਕੰਮ ਆਉਣ ਵਾਲੇ ਟੀ.ਯੂ.-142 ਟੋਹੀ ਜਹਾਜ਼, ਆਈ. ਐਲ-38 ਕਾਮੋਵ ਅਤੇ ਸੀ-ਕਿੰਗ ਹੈਲੀਕਾਪਟਰ ਦੇ ਕਰਤਬਾਂ ਨੂੰ ਵੇਖਿਆ। ਇਸ ਦੌਰਾਨ ਦੂਸਰੇ ਜੰਗੀ ਬੇੜੇ ਆਈ.ਐਨ.ਐਸ. ਵਿਰਾਟ, ਦਿੱਲੀ ਵਰਗ ਦੇ ਜੰਗੀ ਬੇੜੇ,ਤਲਵਾਰ ਵਰਗ ਦੇ ਫ੍ਰਿਗੇਟ ਵੀ ਵਿਕਰਮਾਦਿਤਿਆ ਦੇ ਸਾਹਮਣੇ ਗੁਜ਼ਰੇ ਤੇ ਪ੍ਰਧਾਨ ਮੰਤਰੀ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਇਸ ਦੌਰਾਨ ਮਿੱਗ-29 ਕੇ ਲੜਾਕੂ ਜਹਾਜ਼ਾਂ ਨੂੰ ਵਿਕਰਮਾਦਿਤਿਆ ਜੰਗੀ ਬੇੜੇ 'ਤੇ ਉਤਾਰਨ ਦਾ ਪ੍ਰਦਰਸ਼ਨ ਕੀਤਾ ਗਿਆ। ਰੂਸ ਤੋਂ ਖਰੀਦਿਆ ਗਿਆ ਵਿਕਰਮਾਦਿਤਿਆ-ਦੇਸ਼ ਦੇ ਸਭ ਤੋਂ ਵੱਡੇ ਜੰਗੀ ਬੇੜੇ ਵਿਕਰਮਾਦਿਤਿਆ ਜੋ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ, ਦਹਾਕਾ ਪਹਿਲਾਂ ਰੂਸ ਤੋਂ ਖਰੀਦਿਆ ਅਤੇ ਕੇਵਲ ਦੋ ਮਹੀਨੇ ਪਹਿਲਾਂ ਭਾਰਤ ਪੁੱਜਿਆ ਹੈ। 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ। ਭਾਰਤੀ ਜਲ ਸੈਨਾ ਨਾਲ ਜੁੜਿਆ ਇਹ ਨਵਾਂ ਜੰਗੀ ਬੇੜਾ ਉਸ ਦੀ ਸ਼ਕਤੀ ਦਾ ਪ੍ਰਤੀਕ ਹੈ।


E-PAPER

BobbyNeeluEvents

Site Sponsors

Email : malwapost@gmail.com